top of page

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਖਡੂਰ ਸਾਹਿਬ ਤੋਂ ਲੜ ਸਕਦੇ ਨੇ ਲੋਕ ਸਭਾ ਚੋਣ

25 ਅਪ੍ਰੈਲ- ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਮੌਜੂਦਾ ਸਮੇਂ ਆਸਾਮ ਦੀ ਡਿਬਰੂਗੜ ਜੇਲ ਵਿੱਚ ਰਾਸ਼ਟੀ ਸੁਰੱਖਿਆ ਐਕਟ ਅਧੀਨ ਬੰਦ ਹਨ, ਪਰ ਹੁਣ ਕਿਹਾ ਜਾ ਰਿਹਾ ਹੈ ਕਿ ਉਹ ਪੰਜਾਬ ਦੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਲੜ ਸਕਦੇ ਹਨ, ਇਸ ਖ਼ਬਰ ਦਾ ਦਾਅਵਾ ਅੰਮ੍ਰਿਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਕੀਤਾ ਹੈ।


ਵਕੀਲ ਰਾਜਦੇਵ ਸਿੰਘ ਖਾਲਸਾ ਨੇ ਕਿਹਾ, “ਮੈਂ ਅੱਜ ਡਿਬਰੂਗੜ ਸੀ ਤੇ ਅੰਮ੍ਰਿਤਪਾਲ ਨੂੰ ਮਿਲਿਆ ਤੇ ਉਹਨਾਂ ਨੇ ਮੈਨੂੰ ਪੁਸ਼ਟੀ ਕੀਤੀ ਕਿ ਉਹ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਲੜਨਗੇ।” ਜਦਕਿ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ, “ਹਾਲੇ ਇਸ ਬਾਰੇ ਕੁੱਝ ਪੱਕਾ ਨਹੀਂ ਹੈ, ਮੈਂ ਇਸ ਗੱਲ ਦੀ ਪੁਸ਼ਟੀ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੀ ਕਰ ਸਕਦਾ ਹਾਂ।”  ਇਸ ਤੋਂ ਇਲਾਵਾ ਅੰਮ੍ਰਿਤਪਾਲ ਦੇ ਕਰੀਬੀ ਨੇ ਵੀ ਇਹੀ ਕਿਹਾ ਕਿ, “ਸਾਨੂੰ ਅੰਮ੍ਰਿਤਪਾਲ ਦੇ ਇਸ ਫ਼ੈਸਲੇ ਬਾਰੇ ਹਾਲੇ ਤੱਕ ਕੁੱਝ ਨੀ ਪਤਾ, ਹਾਲ ਹੀ ਵਿੱਚ ਉਹਨਾਂ ਦੀ ਪਤਨੀ ਉਹਨਾਂ ਨੂੰ ਮਿਲ ਕੇ ਆਈ ਹੈ ਤੇ ਉਦੋਂ ਵੀ ਉਹਨਾਂ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ, ਆਉਣ ਵਾਲੇ ਦਿਨਾਂ ਵਿੱਚ ਅੰਮ੍ਰਿਤਪਾਲ ਨੂੰ ਉਹਨਾਂ ਦੇ ਮਾਪੇ ਮਿਲਣ ਜਾ ਰਹੇ ਹਨ ਤੇ ਚੋਣ ਲੜਨ ਦਾ ਫ਼ੈਸਲਾ ਵੀ ਸੰਗਤ ਨਾਲ ਵਿਚਾਰ-ਚਰਚਾ ਕਰਨ ਤੋਂ ਬਾਅਦ ਹੀ ਲਿਆ ਜਾਵੇਗਾ।”


ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ

ਵਕੀਲ ਜਸਪਾਲ ਸਿੰਘ ਮੰਝਪੁਰ, ਜੋ ਕਿ ਯੂਏਪੀਏ ਕੇਸਾਂ ਦੇ ਮਾਹਿਰ ਹਨ, ਨੇ ਕਿਹਾ, “ਕੋਈ ਵੀ ਵਿਅਕਤੀ ਜਿਸ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ, ਉਹ ਚੋਣ ਲੜ ਸਕਦਾਹੈ। ਕੋਈ ਵੀ ਅੰਡਰ-ਟਰਾਇਲ ਚੋਣ ਲੜ ਸਕਦਾ ਹੈ। ਦੋਸ਼ੀ ਕਰਾਰ ਦਿੱਤੇ ਜਾਣ ਤੱਕ ਚੋਣ ਲੜਨ 'ਤੇ ਕੋਈ ਰੋਕ ਨਹੀਂ ਹੈ। ਨਾਲ ਹੀ, ਜੇਕਰ ਉੱਚ ਅਦਾਲਤ ਕਿਸੇ ਦੀ ਸਜ਼ਾ ਨੂੰਮੁਅੱਤਲ ਕਰ ਦਿੰਦੀ ਹੈ, ਤਾਂ ਵੀ ਉਹ ਚੋਣ ਲੜ ਸਕਦਾ ਹੈ।”


ਅੰਮ੍ਰਿਤਪਾਲ ਸਿੰਘ ਨੂੰ ਸਾਲ 2023 ਵਿੱਚ ਮੋਗਾ ਦੇ ਰੋਡੇ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਅੰਮ੍ਰਿਤਪਾਲ ਸਿੰਘ ਤੇ ਉਸਦੇ ਸਮਰਥਕਾਂ ਵੱਲੋਂ ਅਜਨਾਲਾ ਵਿਖੇ ਆਪਣੇ ਇੱਕ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ ਦੀ ਰਿਹਾਈ ਲਈ ਪੁਲਿਸ ਥਾਣੇ ਵਿੱਚ ਹਥਿਆਰ ਤੇ ਤਲਵਾਰਾਂ ਲੈ ਕੇ ਗਏ ਸਨ ਤੇ ਪੁਲਿਸ ਕਰਮੀਆਂ ਨਾਲ ਭਿੜੇ ਵੀ ਸਨ ਜਿਸ ਦੇ ਇੱਕ ਮਹੀਨੇ ਬਾਅਦ ਉਹਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

bottom of page