top of page

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਬਠਿੰਡਾ ਤੋਂ ਆਜ਼ਾਦ ਉਮੀਦਵਾਰ ਵਜੋਂ ਲੜ ਸਕਦੇ ਨੇ ਲੋਕ ਸਭਾ ਚੋਣ

25 ਅਪ੍ਰੈਲ- ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਪਿਤਾ ਬਲਕੌਰ ਸਿੰਘ ਬਠਿੰਡਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜ ਸਕਦੇ ਹਨ।


ਬਲਕੌਰ ਸਿੰਘ ਬੁੱਧਵਾਰ ਨੂੰ ਮੀਡੀਆ ਤੋਂ ਦੂਰ ਰਹੇ ਕਿਉਂਕਿ ਇੱਕ ਖੇਤਰੀ ਨਿਊਜ਼ ਚੈਨਲ ਨੇ ਦਾਅਵਾ ਕੀਤਾ ਸੀ ਕਿ ਪਰਿਵਾਰ ਉਹਨਾਂ ਲਈ ਨਾਮਜ਼ਦਗੀ ਪੱਤਰ ਤਿਆਰ ਕਰਵਾ ਰਿਹਾ ਹੈ, ਜਦਕਿ ਉਹਨਾਂ ਦੇ ਕਰੀਬੀ ਨੇ ਨਾ ਤਾਂ ਇਸ ਖ਼ਬਰ ਦੀ ਕੋਈ ਪੁਸ਼ਟੀ ਕੀਤੀ ਤੇ ਨਾ ਉਸਨੂੰ ਨਕਾਰਿਆ। ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਬਲਕੌਰ ਸਿੰਘ ਲਗਾਤਾਰ ਕਾਂਗਰਸ ਪਾਰਟੀ ਦੇ ਸੰਪਰਕ ਵਿੱਚ ਹਨ, ਤੇ ਸ਼ਾਇਦ ਪਾਰਟੀ ਵੀ ਉਹਨਾਂ ਨੂੰ ਬਠਿੰਡਾ ਤੋਂ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰ ਸਕਦੀ ਹੈ। ਬੀਤੇ ਦਿਨੀਂ ਬਲਕੌਰ ਸਿੰਘ ਵੱਲੋਂ 9 ਨੁਕਤਿਆਂ ਵਾਲੀ ਇੱਕ ਚਿੱਠੀ ਕਾਂਗਰਸ ਦੇ ਉਮੀਦਵਾਰ ਜੀਤ ਮੋਹਿੰਦਰ ਸਿੰਘ ਸਿੱਧੂ ਨੂੰ ਵੀ ਸੌਂਪੀ ਜਦੋਂ ਉਹ ਸਮਰਥਨ ਮੰਗਣ ਲਈ ਉਹਨਾਂ ਨੂੰ ਮਿਲਣ ਗਏ ਸਨ, ਜਿਸ ਤੋਂ ਬਾਅਦ ਬਲਕੌਰ ਸਿੰਘ ਨੇ ਉਸ ਚਿੱਠੀ ਦੀ ਕਾਪੀ ਨੂੰ ਆਪਣੇ ਸੋਸ਼ਲ ਮੀਡੀਆ ਉੱਪਰ ਵੀ ਸਾਂਝਾ ਕੀਤਾ। ਜਦੋਂ ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ, “ਸਿੱਧੂ ਮੂਸੇਵਾਲਾ ਦਾ ਪਰਿਵਾਰ ਉਹਨਾਂ ਦਾ ਵੀ ਪਰਿਵਾਰ ਹੈ, ਪਹਿਲਾਂ ਬਲਕੌਰ ਸਿੰਘ ਨੂੰ ਚੋਣ ਲੜਨ ਲਈ ਪੁੱਛਿਆ ਗਿਆ ਸੀ ਪਰ ਉਹਨਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ, ਪਰ ਜੇਕਰ ਹੁਣ ਉਹਨਾਂ ਨੇ ਆਪਣਾ ਮਨ ਬਦਲ ਲਿਆ ਹੈ ਤਾਂ ਇਸਦਾ ਉਹਨਾਂ ਨੂੰ ਕੁੱਝ ਪਤਾ ਨਹੀਂ ਹੈ।”


ਸਿੱਧੂ ਮੂਸੇਵਾਲਾ (ਖੱਬੇ) ਤੇ ਉਸਦੇ ਪਿਤਾ ਬਲਕੌਰ ਸਿੰਘ (ਸੱਜੇ)

ਇਸ ਤੋਂ ਪਹਿਲਾਂ, ਐਤਵਾਰ ਨੂੰ ਆਪਣੇ ਘਰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਆਪਣੇ ਹਫਤਾਵਾਰੀ ਸੰਬੋਧਨ ਦੌਰਾਨ, ਬਲਕੌਰ ਸਿੰਘ ਨੇ ਰਾਜਨੀਤੀ ਵਿੱਚ ਆਉਣ ਦਾ ਸੰਕੇਤ ਦਿੰਦੇਹੋਏ ਕਿਹਾ ਸੀ ਕਿ ਜੇਕਰ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਹ ਰਾਜਨੀਤੀ ਵਿੱਚ ਕੁੱਦਣ ਤੋਂ ਗੁਰੇਜ਼ ਨਹੀਂ ਕਰਦੇ। ਬਲਕੌਰ ਸਿੰਘ ਆਪਣੇ ਪੁੱਤਰ ਮੂਸੇਵਾਲਾ ਲਈ ਇਨਸਾਫ਼ ਵਾਸਤੇ ਸਾਲ 2023 ਵਿੱਚ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਵਿਰੁੱਧ ਪ੍ਰਚਾਰ ਕਰਨ ਵੀ ਗਏ ਸਨ, ਇੱਥੋਂ ਤੱਕ ਕਿ ਉਹ ਆਪਣੀ ਪਤਨੀ ਚਰਨ ਕੌਰ ਨਾਲ ਪੰਜਾਬ ਸਿਵਲ ਸਕੱਤਰੇਤ ਦੇ ਬਾਹਰ ਧਰਨੇ ’ਤੇ ਵੀ ਬੈਠੇ ਹਨ।


ਸਿੱਧੂ ਮੂਸੇਵਾਲਾ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਾਨਸਾ ਜ਼ਿਲੇ ਤੋਂ ਕਾਂਗਰਸ ਦਾ ਉਮੀਦਵਾਰ ਸੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਜੇ ਸਿੰਗਲਾ ਤੋਂ ਹਾਰ ਗਿਆ ਸੀ ਤੇ 29 ਮਈ 2022 ਨੂੰ ਉਸਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

bottom of page