top of page

ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀ ਚਲਾਉਣ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

17 ਅਪ੍ਰੈਲ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ 'ਚ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਸ ਮਾਮਲੇ ਵਿੱਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਗੁਜਰਾਤ ਦੇ ਭੁਜ ਤੋਂ ਦੋ ਵਿਅਕਤੀਆਂ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਭੁਜ ਪੁਲਿਸ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪੱਛਮੀ ਕੱਛ ਪੁਲਿਸ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।


ਐਤਵਾਰ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਮੁੰਬਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਨੇ ਇਸ ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਬਿਆਨ ਜਾਰੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਗੋਲੀਬਾਰੀ ਦੀ ਇਸ ਘਟਨਾ ਕਾਰਨ ਉਹਨਾਂ ਦਾ ਪਰਿਵਾਰ ਕਾਫ਼ੀ ਚਿੰਤਤ ਹੈ। ਉਹਨਾਂ ਕਿਹਾ, “ਇਹ ਬਹੁਤ ਦੁੱਖਦਾਈ ਹੈ ਕਿ ਪਰਿਵਾਰ ਦੇ ਨਜ਼ਦੀਕੀ ਹੋਣ ਦਾ ਦਾਅਵਾ ਕਰਦੇ ਕੁੱਝ ਲੋਕ ਮੀਡੀਆ ਅੱਗੇ ਅਝਿਹੇ ਬਿਆਨ ਦੇ ਰਹੇ ਹਨ ਕਿ ਇਹ ਸਾਰਾ ਕੁੱਝ ਇੱਕ ਪਬਲਿਸਿਟੀ ਸਟੰਟ ਹੈ ਅਤੇ ਪਰਿਵਾਰ ਨੂੰ ਇਸ ਤੋਂ ਕੋਈ ਫ਼ਰਕ ਨਹੀਂ ਪੈਂਦਾ, ਅਜਿਹੇ ਬਿਆਨਾਂ ਨੂੰ ਸੱਚ ਨਹੀਂ ਮੰਨਣਾ ਚਾਹੀਦਾ। ਸਲੀਮ ਖਾਨ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਇਸ ਬਾਰੇ ਮੀਡੀਆ ਅੱਗੇ ਕੋਈ ਵੀ ਬਿਆ ਨਹੀਂ ਦਿੱਤਾ ਹੈ, ਇਸ ਵੇਲੇ ਪਰਿਵਾਰ ਪੁਲਿਸ ਦੀ ਮਦਦ ਕਰ ਰਿਹਾ ਹੈ ਅਤੇ ਉਹਨਾਂ ਦਾ ਸਹਿਯੋਗ ਕਰ ਰਿਹਾ ਹੈ।”


ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀ ਚਲਾਉਣ ਵਾਲੇ ਦੋ ਮੁਲਜ਼ਮ

ਉੱਧਰ ਭੁਜ ਪੁਲਿਸ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ, “ਪੱਛਮੀ ਕੱਛ ਪੁਲਿਸ ਨੇ 14 ਅਪ੍ਰੈਲ ਨੂੰ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹਨਾਂ ਉੱਪਰ ਧਾਰਾ 307 (ਕਤਲ ਦੀ ਕੋਸ਼ਿਸ਼) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।” ਦੋ ਮੁਲਜ਼ਮਾਂ ਦੀ ਪਹਿਚਾਣ ਬਿਹਾਰ ਦੇ ਵਿੱਕੀ ਗੁਪਤਾ ਤੇ ਸਾਗਰ ਪਾਲ ਵਜੋਂ ਹੋਈ ਹੈ। ਮੁੰਬਈ ਦੇ ਬਾਂਦਰਾ ਵਿੱਚ ਸਥਿਤ ਸਲਮਾਨ ਦੇ ਗਲੈਕਸੀ ਅਪਾਰਟਮੈਂਟ ਬਾਹਰ ਐਤਵਾਰ ਤੜਕੇ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਸਨ। ਜਿਸ ਸਮੇਂ ਗੋਲੀਬਾਰੀ ਦੀ ਘਟਨਾ ਵਾਪਰੀ ਉਸ ਸਮੇਂ ਸਲਮਾਨ ਖਾਨ ਤੇ ਉਹਨਾਂ ਦਾ ਪਰਿਵਾਰ ਘਰ ਦੇ ਅੰਦਰ ਹੀ ਸੀ।

1 view0 comments
bottom of page